Homepage

ਸਾਥੀ ਅਜਮੇਰ ਸਿੰਘ ਬੈਂਸ

13 ਫਰਵਰੀ 1933 - 8 ਅਗਸਤ 2013

ਬੜੇ ਦੁਖੀ ਹਿਰਦੇ ਨਾਲ ਸਾਥੀ ਅਜਮੇਰ ਸਿੰਘ ਬੈਂਸ ਦੇ ਗੁਜ਼ਰਨ ਦੀ ਖ਼ਬਰ ਸੁਣੀ। ਸਾਥੀ ਅਜਮੇਰ ਬੈਂਸ ਅੱਸੀ ਵਰ੍ਹਿਆਂ ਦੇ ਸਨ। ਉਹ ਪਿਛਲ਼ੇ ਕੁਝ ਸਮੇਂ ਤੋਂ ਬਿਮਾਰ ਚਲ਼ੇ ਆ ਰਹੇ ਸਨ ਤੇ ਕਵੈਂਟਰੀ ਦੇ ਵਾਲਗਰੇਵ ਯੂਨੀਵਰਸਿਟੀ ਹਸਪਤਾਲ ਵਿਚ ਦਾਖਲ ਸਨ ਜਿਥੇ 8 ਅਗੱਸਤ 2013 ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਅਦਾਰਾ ਇਹ ਦਿਨ ਉਨ੍ਹਾਂ ਦੇ ਪਰਿਵਾਰ ਦੇ ਜੀਆਂ, ਦੋਸਤਾਂ ਮਿਤਰਾਂ ਅਤੇ ਸਾਥੀਆਂ ਸੰਗੀਆਂ ਨਾਲ ਤਹਿ ਦਿਲੋਂ ਹਮਦਰਦੀ ਦਾ ਇਜ਼ਹਾਰ ਕਰਦਾ ਹੈ।

ਅਜਮੇਰ ਬੈਂਸ ਦਾ ਜਨਮ ਪੰਜਾਬ ਦੇ ਮਸ਼ਹੂਰ ਕਸਬੇ ਮਾਹਲਪੁਰ ਵਿਚ 13 ਫ਼ਰਵਰੀ 1933 ਨੂੰ ਹੋਇਆ ਸੀ। ਉਨ੍ਹਾਂ ਦੀ ਮੁਢਲੀ ਸਿਖਿਆ ਸਥਾਨਕ ਸਕੂਲ ਵਿਚ ਹੋਈ ਤੇ ਮਾਹਿਲਪੁਰ ਕਾਲਜ ਵਿਚੋਂ ਉਨ੍ਹਾਂ ਉਚ ਵਿਦਿਆ ਹਾਸਲ ਕੀਤੀ। ਵਿਦਿਆਰਥੀ ਜੀਵਨ ਦੇ ਜ਼ਮਾਨੇ ਵਿਚ ਹੀ ਉਹ ਤਰੱਕੀਪਸੰਦ ਲਹਿਰ ਵਿਚ ਸਰਗਰਮ ਹੋ ਗਏ ਤੇ ਉਨਾਂ ਦੀ ਵਾਕਫ਼ੀਅਤ ਹਰਦਿਆਲ ਬੈਂਸ ਨਾਲ ਅਤੇ ਕੇਵਲ ਸਿੰਘ ਪੁਰੇਵਾਲ ਨਾਲ ਹੋਈ ਜੋ ਮਾਹਿਲਪੁਰ ਦੇ ਲਾਗੇ ਦੇ ਹੀ ਸਨ। ਸੰਘਰਸ਼ ਦੌਰਾਨ ਵਾਕਫ਼ੀਅਤ ਵਧੀ ਤੇ ਦੋਸਤੀ ਵਿਚ ਬਦਲ ਗਈ ਤੇ ਇਨ੍ਹਾਂ ਦੀ ਇਹ ਦੋਸਤੀ ਤੇ ਸਾਥ ਜ਼ਿੰਦਗੀ ਭਰ ਕਾਇਮ ਰਿਹਾ। ਹਰਦਿਆਲ ਬੈਂਸ ਕੈਨੇਡਾ ਚਲ਼ੇ ਗਏ ਤੇ ਬਾਅਦ ਵਿਚ ਕਨੇਡਾ ਦੀ ਕਮਿਉਨਿਸਟ ਪਾਰਟੀ(ਮ-ਲ) ਦੀ ਸਥਾਪਨਾ ਕੀਤੀ। ਕੇਵਲ ਸਿੰਘ ਪੁਰੇਵਾਲ ਅਤੇ ਅਜਮੇਰ ਸਿੰਘ ਬੈਂਸ ਬਰਤਾਨੀਆਂ ਆ ਗਏ। ਬਰਤਾਨੀਆਂ ਆਉਣ ਤੋਂ ਪਹਿਲਾਂਅਜਮੇਰ ਇੰਡੀਆ ਵਿਚ ਅਧਿਆਪਕ ਵੀ ਰਹੇ।

1964 ਬਰਤਾਨੀਆਂ ਵਿਚ ਆ ਕੇ ਅਜਮੇਰ ਬੈਂਸ ਨੇ ਹੋਰ ਪੜਾਈ ਕੀਤੀ ਤੇ ਐਮ.ਏ. ਪਾਸ ਕਰਕੇ ਕਵੈਂਟਰੀ ਵਿਚ ਅਧਿਆਪਕ ਦਾ ਪੇਸ਼ਾ ਅਪਣਾਇਆ ਤੇ ਬਾਕੀ ਸਾਰੀ ਉਮਰ ਕਵੈਂਟਰੀ ਵਿਚ ਕੱਟੀ ਅਤੇ ਅਜਮੇਰ ਕਵੈਂਟਰੀ ਵਜੋਂ ਵੀ ਜਾਣੇ ਜਾਂਦੇ ਸਨ। ਜਲਦੀ ਹੀ ਉਹ ਇੰਡੀਅਨ ਵਰਕਰਜ਼ ਅਸੋਸੀਏਸ਼ਨ(ਜੀ.ਬੀ.) ਵਿਚ ਸਰਗਰਮ ਹੋ ਗਏ। ਕਈ ਸਾਲਾਂਤੱਕ ਉਹ ਇਸਦੇ ਅਖ਼ਬਾਰ ਲਲਕਾਰ  ਦੇ ਐਡੀਟਰ ਰਹੇ। ਅਜਮੇਰ ਬੈਂਸ ਨੇ ਭਾਰਤੀ ਮਜ਼ਦੂਰ ਸਭਾ (ਗ.ਬ.) ਦੇ ਅਸੂਲਾਂਉਤੇ ਡੱਟ ਕੇ ਪਹਿਰਾ ਦਿਤਾ ਅਤੇ ਇਸ ਨੂੰ ਇਕ ਵਿਸ਼ਾਲ ਤੇ ਸੰਕੀਰਣਵਾਦ ਤੋਂ ਰਹਿਤ ਜਥੇਬੰਦੀ ਕਾਇਮ ਰੱਖਣ ਕਈ ਸਾਲ ਸਖ਼ਤ ਜਦੋਜਹਿਦ ਕੀਤੀ। ਉਨ੍ਹਾਂ ਨੇ ਸ਼ਹੀਦ ਉਧਮ ਸਿੰਘ ਦੀ 1938 ਵਿਚ ਬਣਾਈ ਇਸ ਵਿਸ਼ਾਲ ਜਨਤਕ ਜਥੇਬੰਦੀ ਵਿਚ ਸੰਕੀਰਣਵਾਦ ਲਿਆਉਣ ਦੀਆਂ ਕਈ ਕੋਸ਼ਿਸ਼ਾਂ ਦਾ ਡੱਟ ਕੇ ਵਿਰੋਧ ਕੀਤਾ।

ਫੁਟਪਾਉੂ ਅਨਸਰਾਂ ਦੀਆਂ ਸਰਗਰਮੀਆਂ ਕਰਕੇ  1980 ਦੇ ਦਹਾਕੇ ਦੇ ਅਖੀਰ ਵਿਚ ਭਾਰਤੀ ਮਜ਼ਦੂਰ ਸਭਾ (ਜੀ.ਬੀ.) ਦੁਫ਼ਾੜ ਹੋ ਗਈ।  ਅਜਮੇਰ ਬੈਂਸ ਦੀ ਅਗਵਾਈ ਵਿਚ ਇਸ ਨੂੰ ਮੁੜਕੇ ਜਥੇਬੰਦ ਕੀਤਾ ਗਿਆ  ਅਤੇ 1993 ਵਿਚ ਲ਼ੰਡਨ, ਵੂਲਿਚ ਵਿਚ ਹੋਈ ਕਾਨਫਰੰਸ ਵਿਚ ਅਜਮੇਰ ਬੈਂਸ ਇਸਦੇ ਜਨਰਲ ਸਕੱਤਰ ਚੁਣੇ ਗਏ ਅਤੇ ਕੇਵਲ ਸਿੰਘ ਪੁਰੇਵਾਲ ਪਰਧਾਨ। ਇਸ ਕਾਨਫਰੰਸ ਵਿਚ ਹਰਦਿਆਲ ਬੈਂਸ ਵੀ ਮਹਿਮਾਨ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ ਸਨ। ਸਭਾ ਦੇ ਪਰੋਗਰਾਮ ਅਤੇ ਅਸੂਲਾਂਦੀ ਰਾਖੀ ਲਈ ਅਜਮੇਰ ਅਤੇ ਕੇਵਲ ਨੇ ਅਣਥੱਕ ਕੰਮ ਕੀਤਾ। ਇਨ੍ਹਾਂ ਦੀ ਅਗਵਾਈ ਵਿਚ ਸਭਾ ਨੇ ਸਾਰੀ ਮਜ਼ਦੂਰ ਜਮਾਤ ਅਤੇ ਲ਼ੋਕਾਂ ਦੇ ਹੱਕਾਂ ਲਈ ਜਦੋਜਹਿਦ ਕੀਤੀ ਅਤੇ ਭਾਰਤੀ ਅਤੇ ਹੋਰ ਘੱਟ ਗਿਣਤੀ ਕਮਿਉਨਿਟੀਆਂ ਦੇ ਖ਼ਿਲਾਫ਼ ਹੁੰਦੇ ਨਸਲਾਵਾਦ ਅਤੇ ਵਿਤਕਰੇ ਵਿਰੁਧ ਲੜਨ ਲਈ ਸਭਾ ਦੀ ਅਗਵਾਈ ਕੀਤੀ, ਬਰਤਾਨੀਆਂ ਦੇ ਸਿਆਸੀ ਮਸਲਿਆਂ ਵਿਚ ਘਟਗਿਣਤੀਆਂ ਦੀ ਪੂਰੀ ਸ਼ਿਰਕਤ ਯਕੀਨੀ ਬਣਾਈ ਅਤੇ ਆਪਣੇ ਹੱਕਾਂ ਰਾਖੀ ਕਰਨ ਲਈ ਕਿਸੇ ਤੋਂ ਪਿਛੇ ਨਾ ਰਹੇ। ਇਸ ਤਰ੍ਹਾਂ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਨੇ ਇਕ ਮਾਣਮੱਤੀ ਰਵਾਇਤ ਪਾਈ ਤੇ ਐਸੀ ਜਥੇਬੰਦੀ ਵਜੋਂ ਆਪਣਾ ਵਕਾਰ ਕਾਇਮ ਕੀਤਾ ਜੋ ਸਿਰਫ਼ ਹਿੰਦੁਸਤਾਨੀ ਭਾਈਚਾਰੇ ਦੇ ਸਿਆਸੀ ਮਾਮਲਿਆਂ ਵਿਚ ਹੀ ਹਿਸਾ ਨਹੀਂ ਲੈਂਦੀ ਸਗੋਂ ਸਾਰੀਆਂ ਘੱਟਗਿਣਤੀਆਂ ਅਤੇ ਸਮੁਚੀ ਮਜ਼ਦੂਰ ਜਮਾਤ ਤੇ ਲ਼ੋਕਾਂ ਦੇ ਮਸਲਿਆਂ ਵਿਚ ਦਿਲਚਸਪੀ ਲੈਂਦੀ ਹੈ ਤੇ ਮੁਹਰੇ ਹੋ ਕੇ ਕੰਮ ਕਰਦੀ ਹੈ। ਤੇ ਇਹ ਕੋਈ ਇਤਫ਼ਾਕੀਆ ਗੱਲ ਨਹੀਂ ਕਿ ਭਾਰਤੀ ਮਜ਼ਦੂਰ ਸਭਾ (ਜੀ.ਬੀ.) ਕਈ ਸਾਲ ਕਵੈਂਟਰੀ ਵਿਚ ਮਈ ਦਿਨ ਦਾ ਜਸ਼ਨ ਮਨਾਉਣ ਲਈ ਜਲਸੇ ਕਰਦੀ ਰਹੀ ਜਿਸ ਵਿਚ ਅਜਮੇਰ ਬੈਂਸ ਮੁਖ਼ ਬੁਲਾਰਿਆਂ ਵਿਚ ਹੁੰਦਾ ਸੀ ਤੇ ਜਲਸੇ ਦੀ ਸਦਾਰਤ ਕਰਦਾ ਹੁੰਦਾ ਸੀ।

ਅਜਮੇਰ ਬੈਂਸ ਕਵੈਂਟਰੀ ਦੀ ਨਸਲਵਾਦ-ਵਿਰੋਧੀ ਕਮੇਟੀ ਦਾ ਵੀ ਇਕ ਲੀਡਰ ਸੀ ਤੇ ਕਈ ਹੋਰ ਸਥਾਨਕ ਜਥੇਬੰਦੀਆਂ ਵਿਚ ਵੀ ਸ਼ਾਮਲ ਰਹਿੰਦਾ ਸੀ। ਆਪਣੇ ਅਖੀਰਲ਼ੇ ਸਾਲਾਂਵਿਚ ਉਹ ਪੈਨਸ਼ਨਰਾਂ ਦੀ ਜਥੇਬੰਦੀ ਵਿਚ ਵੀ ਸਰਗਰਮ ਰਿਹਾ। ਅਜਮੇਰ ਬੈਂਸ ਇਕ ਹਿੰਦੁਸਤਾਨੀ ਦੇਸ਼ਭਗਤ ਬੰਦਾ ਸੀ ਅਤੇ ਪ੍ਰੋਲ਼ੇਤਾਰੀ ਕੌਮਾਂਤਰੀਵਾਦ ਦਾ ਮੁਦਈ। ਉਹਦੀ ਹਮੇਸ਼ਾਂ ਕੋਸ਼ਿਸ਼ ਰਹੀ ਕਿ ਹਿੰਦੁਸਤਾਨ ਵਿਚ ਕੌਮੀਮੁਕਤੀ ਦੀ ਲਹਿਰ ਸਫ਼ਲ ਹੋਵੇ ਤੇ ਬਾਕੀ ਸਾਰੇ ਮੁਲਕ ਵੀ ਲ਼ੁੱਟ-ਖਸੁਟ ਤੋਂ ਮੁਕਤੀ ਹਾਸਲ ਕਰਨ। ਅਜਮੇਰ ਬੈਂਸ ਇਕ ਬਹੁਤ ਜਾਣਿਆਂ ਪਛਾਣਿਆਂ ਤੇ ਸਤਿਕਾਰਿਆ ਜਾਣ ਵਾਲਾ ਪੰਜਾਬੀ ਕਵੀ ਅਤੇ ਲ਼ੇਖ਼ਕ ਵੀ ਸੀ ਜਿਹਨੇ ਸਿਆਸਤ ਅਤੇ ਸਭਿਆਚਾਰ ਦੇ ਮਸਲਿਆਂ ਤੇ ਕਈ ਕੁਝ ਲਿਖਿਆ। ਇਕ ਸਾਹਿਤਕਾਰ ਵਜੋਂ ਉਹ ਅਜਮੇਰ ਕਵੈਂਟਰੀ ਦੇ ਨਾਂ ਤੇ ਜਾਣਿਆਂ ਜਾਂਦਾ ਸੀ ਜਿਹਦੀ ਪੰਜਾਬੀ ਬੋਲੀ ਨੂੰ ਬਹੁਤ ਦੇਣ ਹੈ।

ਅਜਮੇਰ ਬੈਂਸ ਅਸੂਲਾਂਦਾ ਪੱਕਾ ਤੇ ਇਨਸਾਨੀਅਤ ਦੇ ਕਾਜ਼ ਨੂੰ ਪ੍ਰਣਾਇਆ ਹੋਇਆ ਬੰਦਾ ਸੀ। ਜਿਨ੍ਹਾਂ ਨੇ ਵੀ ਉਹਨਾ ਰਲ ਕੇ ਕੰਮ ਕੀਤਾ ਤੇ ਉਨ੍ਹਾਂ ਨੂੰ ਜਾਣਦੇ ਸਨ ਉਹ ਕਦੇ ਵੀ ਉਸਦੇ ਮਜ਼ਾਕੀਆ ਸੁਭਾਅ,  ਨੇਕ ਸਲਾਹ ਤੇ ਦੂਜਿਆਂ ਦਾ ਖਿਆਲ ਰੱਖਣ ਵਾਲੀ ਆਦਤ ਨੂੰ ਕਦੇ ਨਹੀਂ ਭੁਲ ਸਕਦੇ।

ਅੱਜ ਜਦਕਿ ਪਬਲਕਿ ਸੇਵਾਵਾਂ ਨੂੰ ਬੇਰਹਿਮ ਸਮਾਜ ਵਿਰੋਧੀ ਹਮਲ਼ੇ ਦਾ ਨਿਸ਼ਾਨਾ  ਬਣਾਇਆ ਜਾ ਰਿਹਾ ਤੇ ਜੰਗ ਤੇ ਫ਼ਾਸ਼ੀਵਾਦ ਦਾ ਪ੍ਰਚਾਰ ਜ਼ੋਰ ਫੜ ਰਿਹਾ ਹੈ, ਸਾਨੂੰ ਯਕੀਨ ਹੈ ਕਿ ਸਾਥੀ ਅਜਮੇਰ ਬੈਂਸ ਦੀਆਂ ਸਿਆਣੀਆਂ ਗੱਲਾਂਤੇ ਵਧੀਆ ਕੰਮਾਂ ਦੀ ਯਾਦ ਨਾ ਸਿਰਫ਼ ਆਈ.ਡਬਲਿਊ.ਏ(ਗੀ.ਬੀ.) ਦਾ ਕੰਮ ਅੱਗੇ ਵਧਾਉਣ ਵਾਲਿਆਂ ਨੂੰ ਹੀ ਉਤਸ਼ਾਹ ਦੇਵੇਗੀ ਬਲਕਿ ਮਜ਼ਦੂਰਾਂ ਅਤੇ ਅਗਾਂਹਵਧੂ ਲਹਿਰ ਦੇ ਹੋਰ ਕਾਰਕੁਨਾਂ ਨੂੰ ਵੀ ਹੱਲਾਸ਼ੇਰੀ ਦੇਵੇਗੀ।